14/07/2026
ਸਾਡੇ ਪਿੰਡ ਪਿੱਥੋ ਦੇ ਸਰਪੰਚਾਂ ਵਿੱਚੋਂ ਇੱਕ ਸਰਦਾਰ ਗੁਰਬਚਨ ਸਿੰਘ ਢਿੱਲੋਂ ਜੀ ਸਨ ! ਸ਼ਾਇਦ 1965-66 ਚ ਹੋਣਗੇ। ਬਹੁਤ ਅਗਾਂਹਵਧੂ ਸੋਚ ਦੇ ਮਾਲਕ ਸਨ !
ਪਿੱਥੋ ਵਿੱਚ ਪਹਿਲਾਂ ਬਿਜਲੀ ਲਿਆਉਣਾ ਉਨ੍ਹਾਂ ਦੀ ਸੋਚ ਸੀ ।
ਬਿਜਲੀ ਬੋਰਡ ਨੇ ਕਿਹਾ ਜੋ ਪਿੰਡ ਖੰਭੇ ਲੈ ਆਏਗਾ ਪਹਿਲਾਂ ਬਿਜਲੀ ਉਸਨੂੰ ਦੇ ਦਿੱਤੀ ਜਾਵੇਗੀ। ਖੰਭੇ ਬਰਨਾਲਾ ਤੋਂ ਲਿਆਂਦੇ ਜਾਣੇ ਸਨ ! ਸਰਪੰਚ ਨੇ ਪੰਚਾਂ ਨੂੰ ਕਿਹਾ , ਸਾਡੀ ਪੱਤੀ ਚੋਂ ਵੀ ਗੁਰਬਚਨ ਸਿੰਘ ਹੀ ਮੈਂਬਰ ਸਨ , ਟਰੈਕਟਰ ਨਹੀਂ ਸਨ , ਫੈਸਲਾ ਹੋਇਆ ਗੱਡਿਆਂ ਤੇ ਖੰਭੇ ਲਿਆਂਦੇ ਜਾਣ ! ਪਿੰਡ ਵਿੱਚੋਂ ਚੰਗੇ ਗੱਡੇ ਤੇ ਵਧੀਆ ਬਲਦ ਛਾਂਟ ਕੇ ਗੱਡਿਆਂ ਤੇ ਖੰਭੇ ਲਿਆਂਦੇ ਗਏ।
ਗਿੱਲ ਕਲਾਂ ਤੋਂ ਵੱਡੇ ਖੂਹ ਤੱਕ ਪੈਂਦੀ ਪਹਿਲੀ ਬਿਜਲੀ ਦੀ ਲਾਈਨ ਅਸੀਂ ਹਰ ਰੋਜ਼ ਸਕੂਲ ਪੜਦੇ ਵੇਖਦੇ ਰਹੇ । ਅੱਜ ਟਰਾਂਸਫਾਰਮ ਵਾਲੇ ਖੰਭੇ ਲੱਗ ਗਏ, ਤਾਰਾਂ ਪੈ ਗਈਆਂ, ਪਿੰਡ ਵਿੱਚ ਬਿਜਲੀ ਚਾਲੂ ਹੋਈ।
ਅਸੀਂ ਪਹਿਲਾਂ ਸ਼ਾਮ ਨੂੰ ਲੈਂਪਾਂ ਦੀ ਚਿਮਨੀਆਂ ਮਾਂਜ ਕੇ ਰਾਤ ਨੂੰ ਪੜਨ ਦੀ ਤਿਆਰੀ ਕਰਦੇ ਸੀ , ਬਿਜਲੀ ਆਈ ਵਿਹੜਿਆਂ ਵਿੱਚ ਚਾਨਣ ਹੋਇਆ, ਸਾਡਾ ਲਾਲਟੈਣਾਂ ਲੈਪਾਂ ਤੋਂ ਖਹਿੜਾ ਛੁੱਟਿਆ।
ਸ਼ਾਮ ਨੂੰ ਵਿਹੜੇ ਵਿੱਚ ਬਿਜਲੀ ਦੀ ਰੋਸ਼ਨੀ ਵਿੱਚ ਕੀੜੀਆਂ ਲੱਭਦੇ ਰਹੇ , ਹੁਣ ਭਾਵੇਂ ਕੀੜੀ ਵੇਖ ਲਵੋ ਰਾਤ ਨੂੰ ਘਰ ਘਰ ਹੱਲਾਂ ਹੁੰਦੀਆਂ!
ਫੇਰ ਇੱਕ ਦੇ ਸਾਲ ਵਿੱਚ ਹੀ ਖੇਤਾਂ ਚ ਮੋਟਰਾਂ ਲੱਗਣ ਲੱਗ ਗਈਆਂ। ਪਹਿਲਾਂ ਮੋਟਰ ਸ਼ਾਇਦ ਸਰਪੰਚ ਦੇ ਹੀ ਲੱਗੀ , ਭੱਠੇ ਵਾਲੇ ਵਾਹਣ ਵਿੱਚ , ਦਰਸ਼ਨ ਸਰਪੰਚ ਦੇ ਘਰ ਕੋਲ , ਸਾਡੇ ਖੇਤਾਂ ਨੂੰ ਡੰਡੀ ਇੱਥੋਂ ਜਾਂਦੀ ਸੀ , ਅਸੀਂ ਚੱਲਦੀ ਵੇਖਦੇ , ਫਿਰ ਅੱਗੇ ਜਗਰਾਜ ਤਾਇਆ ਜੀ ਕੇ ਲੱਗ ਗਈ , ਖੰਭੇ ਲੱਕੜ ਦੇ ਸਨ ਤੇ ਤਾਰਾਂ ਤਾਂਬੇ ਦੀਆਂ, ਉੱਥੇ ਅਸੀਂ ਨਹਾਉਂਦੇ ਵੀ ਰਹੇ , ਗੇਲੀ ( ਗੁਰਮੇਲ ਜੋ ਹੁਣੇ ਰੱਬ ਨੂੰ ਪਿਆਰੇ ਹੋ ਗਏ) ਮੇਰੇ ਚੰਗੇ ਮਿੱਤਰਾਂ ਚੋਂ ਸਨ , ਅਸੀਂ ਆਮ ਹੀ ਖੇਤ ਜਾਂਦੇ , ਜਾਮਣਾਂ ਬਹੁਤ ਖਾਧੀਆਂ, ਤਾਇਆ ਗੁਰਦੇਵ ਸਿੰਘ ਫਲਾਂ ਦੇ ਬੂਟੇ ਲਾਉਣ ਦੇ ਸ਼ੌਕੀਨ ਸਨ ! ਤੂਤੀਆਂ ਵੀ ਖਾਂਦੇ ਰਹੇ !
ਫੇਰ ਨੰਬਰਦਾਰਾਂ ਦੀ ਪਿੰਡ ਚ ਮੋਟਰ ਲੱਗੀ , ਗੁਰਜੰਟ ਸਰਪੰਚ ਕੇ , ਉੱਥੇ ਸਿਰ ਤੇ ਆਟਾ ਪਿਹਾ ਕੇ ਲਿਆਂਦੇ ਰਹੇ ! ਫੇਰ ਕਣਕ ਕੱਢਣ ਵਾਲਾ ਵੱਡਾ ਥਰੈਸ਼ਰ ਲਾਇਆ ਉਨ੍ਹਾਂ ਨੇ , ਧੂੜ ਉਡਦੀ ਰਹੀ !
ਗੱਲ ਸਰਪੰਚ ਜੀ ਤੋਂ ਸ਼ੁਰੂ ਕੀਤੀ ਸੀ , ਬਹੁਤ ਨਿਮਰਤਾ ਸੀ ਉਨ੍ਹਾਂ ਵਿੱਚ , ਸਾਡਾ ਕਲਾਸਫੈਲੋ ਮਹਿੰਦਰ ਮੈਂਬਰ ( ਹਰੀ ਸਿਉਂ ਕਾ) ਸਾਨੂੰ ਕਹਿੰਦਾ ਆਪਾਂ ਸਰਪੰਚ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਕਰਾਂਗੇ , ਸਰਪੰਚ ਉਸ ਸਮੇਂ ਕੁਝ ਬਿਮਾਰ ਸਨ , ਸਾਨੂੰ ਸਕੂਲ ਜਾਂਦਿਆਂ ਨੂੰ ਰਸਤੇ ਚ ਮਿਲਦੇ , ਅਸੀਂ ਸਾਰੇ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ, ਉਨ੍ਹਾਂ ਅੱਗੋਂ ਤਿੰਨ ਵਾਰ ਕਹਿਣਾਂ , ਸਤਿ ਸ਼੍ਰੀ ਅਕਾਲ ਕਾਕਾ, ਸਤਿ ਸ਼੍ਰੀ ਅਕਾਲ ਬੇਟਾ , ਸਤਿ ਸ਼੍ਰੀ ਅਕਾਲ ! ਮਹਿੰਦਰ ਕਹਿੰਦਾ ਸਤਿ ਸ਼੍ਰੀ ਅਕਾਲ ਦਾ ਸੁਆਦ ਹੀ ਸਰਪੰਚ ਜੀ ਨੂੰ ਬਲਾਉਣ ਦੀ ਸੁਆਦ ਆਉਂਦਾ , ਆਪਾਂ ਇੱਕ ਵਾਰ ਬੁਲਾਉਂਦੇ ਹਾਂ , ਉਹ ਤਿੰਨ ਵਾਰ ਬਲਾਉਂਦੇ ਨੇ !